ਸ਼੍ਰੀਨਗਰ, ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਇਕ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲੇ ਦੇ ਕਰਨਾਹ ਖੇਤਰ 'ਚ ਪੁਲਸ ਅਤੇ ਫੌਜ ਨੇ ਇਕ ਇਨਪੁਟ 'ਤੇ ਜਾਲ ਵਿਛਾਇਆ ਸੀ ਕਿ ਇਕ ਵਿਅਕਤੀ ਹੈਰੋਇਨ ਦੇ ਖਰੀਦਦਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਲਗਭਗ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਸ਼ਫੀਕ ਅਹਿਮਦ ਸ਼ੇਖ ਵਾਸੀ ਖਵਾਰਪਰਬ ਕਰਨਾਹ ਅਤੇ ਤਾਰਿਕ ਅਹਿਮਦ ਮਲਿਕ ਵਾਸੀ ਬਾਗਬਲਾ ਵਜੋਂ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਸਾਧਪੁਰਾ ਦੇ ਰਹਿਣ ਵਾਲੇ ਪਰਵੇਜ਼ ਅਹਿਮਦ ਪਠਾਨ ਵਜੋਂ ਪਛਾਣ ਕੀਤੇ ਗਏ ਇੱਕ ਹੋਰ ਵਿਅਕਤੀ ਕੋਲ ਤਿੰਨ ਪਿਸਤੌਲਾਂ ਦੀ ਮੌਜੂਦਗੀ ਦਾ ਖੁਲਾਸਾ ਹੋਇਆ।

ਉਨ੍ਹਾਂ ਦੱਸਿਆ ਕਿ ਪਠਾਨ ਨੂੰ ਪੁਲਿਸ ਅਤੇ ਫ਼ੌਜ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਤਿੰਨ ਪਿਸਤੌਲ, 76 ਪਿਸਤੌਲ ਦੇ ਰੌਂਦ, ਛੇ ਪਿਸਤੌਲ ਦੇ ਮੈਗਜ਼ੀਨ ਅਤੇ ਕਰੀਬ ਪੰਜ ਕਿਲੋ ਸ਼ੱਕੀ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਅਤੇ ਜਾਂਚ ਜਾਰੀ ਹੈ।